Logo
Header
img

ਰੋਡ ਸ਼ੋਅ ਦੌਰਾਨ ਵਰਤੇ ਜਾ ਰਹੇ ਵਾਹਨਾਂ ਦੀ ਸਹੀ ਪ੍ਰਵਾਨਗੀ ਲਈ ਜਾਵੇ

ਜ਼ਿਲ੍ਹਾ ਚੋਣ ਅਫ਼ਸਰ ਸਾਕਸ਼ੀ ਸਾਹਨੀ, ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਅਤੇ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਵੱਲੋਂ ਸਿਆਸੀ ਪਾਰਟੀਆਂ ਨੂੰ ਹਦਾਇਤ ਕੀਤੀ ਗਈ ਕਿ ਉਹ ਰੋਡ ਸ਼ੋਅ ਦੌਰਾਨ ਵਰਤੇ ਜਾ ਰਹੇ ਵਾਹਨਾਂ ਦੀ ਅਗਾਊਂ ਪ੍ਰਵਾਨਗੀ ਲੈਣਾ ਯਕੀਨੀ ਬਣਾਉਣ।


ਸਥਾਨਕ ਬੱਚਤ ਭਵਨ ਵਿੱਚ ਸਿਆਸੀ ਪਾਰਟੀਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਜ਼ਿਲ੍ਹਾ ਚੋਣ ਅਫ਼ਸਰ ਨੇ ਕਿਹਾ ਕਿ ਰੋਡ ਸ਼ੋਅ ਵਿੱਚ ਵਾਹਨਾਂ ਦੇ ਕਾਫ਼ਲੇ ਵਿੱਚ 10 ਵਾਹਨਾਂ ਤੋਂ ਬਾਅਦ ਵੱਖਵਾ (ਗੈਪ) ਹੋਣਾ ਚਾਹੀਦਾ ਹੈ ਅਤੇ ਸੜਕ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਘੱਟੋ-ਘੱਟ 100 ਮੀਟਰ ਦਾ ਫਰਕ ਰੱਖਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਫਲਾਇੰਗ ਸਕੁਐਡ ਅਤੇ ਸਟੈਟਿਕ ਸਰਵੀਲੈਂਸ ਟੀਮਾਂ ਵੱਖ-ਵੱਖ ਗਤੀਵਿਧੀਆਂ 'ਤੇ ਨਜ਼ਰ ਰੱਖਣਗੀਆਂ ਅਤੇ ਕਿਸੇ ਵੀ ਤਰ੍ਹਾਂ ਦੀ ਉਲੰਘਣਾ ਕਰਨ 'ਤੇ ਸਖਤੀ ਨਾਲ ਨਿਪਟਿਆ ਜਾਵੇਗਾ। ਉਨ੍ਹਾਂ ਸਿਆਸੀ ਪਾਰਟੀਆਂ ਨੂੰ ਇਹ ਵੀ ਸਲਾਹ ਦਿੱਤੀ ਕਿ ਉਹ ਧਾਰਮਿਕ ਸਥਾਨਾਂ 'ਤੇ ਪ੍ਰਚਾਰ ਕਰਨ ਤੋਂ ਗੁਰੇਜ਼ ਕਰਨ ਅਤੇ ਜੇਕਰ ਉਨ੍ਹਾਂ ਦਾ ਉਮੀਦਵਾਰ ਕੋਈ ਪਾਰਟੀ ਚਿੰਨ/ਨਾਅਰੇ ਲਗਾ ਕੇ ਮੱਥਾ ਟੇਕਦਾ ਪਾਇਆ ਜਾਂਦਾ ਹੈ ਤਾਂ ਇਸ ਨੂੰ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਮੰਨਿਆ ਜਾਵੇਗਾ।


ਜ਼ਿਲ੍ਹਾ ਚੋਣ ਅਫ਼ਸਰ ਸਾਹਨੀ ਨੇ ਸਿਆਸੀ ਪਾਰਟੀਆਂ ਨੂੰ ਸੋਸ਼ਲ ਜਾਂ ਇਲੈਕਟ੍ਰਾਨਿਕ ਮੀਡੀਆ 'ਤੇ ਬਲਕ ਐਸ.ਐਮ.ਐਸ. ਅਤੇ ਹੋਰ ਕਿਸੇ ਵੀ ਕਿਸਮ ਦੇ ਇਸ਼ਤਿਹਾਰਾਂ ਲਈ ਮੀਡੀਆ ਸਰਟੀਫਿਕੇਸ਼ਨ ਐਂਡ ਮੋਨਿਟਰਿੰਗ  ਕਮੇਟੀ (ਐਮ.ਸੀ.ਐਮ.ਸੀ.) ਤੋਂ ਸਹਿਮਤੀ ਲੈਣ ਲਈ ਵੀ ਕਿਹਾ। ਉਨ੍ਹਾਂ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਅਪੀਲ ਕੀਤੀ ਕਿ ਉਹ ਸੁਤੰਤਰ ਅਤੇ ਨਿਰਪੱਖ ਚੋਣਾਂ ਨੂੰ ਯਕੀਨੀ ਬਣਾਉਣ ਲਈ ਭਾਰਤੀ ਚੋਣ ਕਮਿਸ਼ਨ ਦੁਆਰਾ ਨਿਰਧਾਰਤ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਅਤੇ ਸਹਿਯੋਗ ਕਰਨ।


ਸਿਆਸੀ ਪਾਰਟੀਆਂ ਵੱਲੋਂ ਪੁਲਿਸ ਕਲੀਅਰੈਂਸ ਲੈਣ ਦੀ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਚਲਾਉਣ ਦੀ ਮੰਗ 'ਤੇ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਨੇ ਪਾਰਟੀਆਂ ਨੂੰ ਭਰੋਸਾ ਦਿਵਾਇਆ ਕਿ ਏ.ਸੀ.ਪੀ. ਗੁਰਪ੍ਰੀਤ ਸਿੰਘ ਪੁਲਿਸ ਕਮਿਸ਼ਨਰ ਦਫ਼ਤਰ ਤੋਂ ਚੋਣਾਂ ਸਬੰਧੀ ਮਨਜ਼ੂਰੀਆਂ ਲੈਣ ਲਈ ਨੋਡਲ ਅਫ਼ਸਰ ਹੋਣਗੇ। ਉਨ੍ਹਾਂ ਇਹ ਵੀ ਭਰੋਸਾ ਦਿੱਤਾ ਕਿ ਪਾਰਟੀਆਂ ਨੂੰ ਜਲਦ ਪ੍ਰਵਾਨਗੀਆਂ ਦਿੱਤੀਆਂ ਜਾਣਗੀਆਂ।

Top