Logo
Header
img

ਜ਼ਿਲ੍ਹੇ 'ਚ ਜਨਤਕ ਮਾਈਨਿੰਗ ਸਾਈਟਾਂ ਰਾਹੀਂ ਰੇਤ ਦੀ ਵਿਕਰੀ ਨੂੰ ਮਿਲਿਆ ਭਰਵਾਂ ਹੁੰਗਾਰਾ

ਲੁਧਿਆਣਾ, 07 ਫਰਵਰੀ - ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨੂੰ ਸਸਤੇ ਭਾਅ 'ਤੇ ਰੇਤਾ ਮੁਹੱਈਆ ਕਰਵਾਉਣ ਦੀ ਪਹਿਲਕਦਮੀ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ ਜਿੱਥੇ ਜ਼ਿਲ੍ਹੇ ਦੀਆਂ ਗੋਰਸੀਆਂ ਖਾਨ ਮੁਹੰਮਦ ਅਤੇ ਭੂਖੜੀ ਦੀਆਂ ਜਨਤਕ ਮਾਈਨਿੰਗ ਸਾਈਟਾਂ 'ਤੇ ਪਹਿਲੇ ਦਿਨ ਕੁੱਲ 13133 ਕਿਊਬਿਕ ਫੁੱਟ ਰੇਤ ਦੀ ਵਿਕਰੀ ਹੋਈ ਹੈ। ਵੇਰਵਿਆਂ ਅਨੁਸਾਰ ਜ਼ਿਲ੍ਹਾ ਲੁਧਿਆਣਾ ਦੀਆਂ ਸਾਈਟਾਂ 'ਤੇ ਪਹਿਲੇ ਦਿਨ ਕੁੱਲ 11522 ਕਿਊਬਿਕ ਫੁੱਟ ਰੇਤ 5.50 ਰੁਪਏ ਪ੍ਰਤੀ ਘਣ ਫੁੱਟ ਦੇ ਹਿਸਾਬ ਨਾਲ ਵੇਚੀ ਗਈ ਜਿੱਥੇ ਜਨਤਕ ਮਾਈਨਿੰਗ ਸਾਈਟ ਭੂਖੜੀ ਵਿਖੇ 35 ਟਰਾਲੀਆਂ ਲੋਡ ਕੀਤੀਆਂ ਗਈਆਂ ਜਦਕਿ ਗੋਰਸੀਆਂ ਖਾਨ ਮੁਹੰਮਦ 'ਤੇ ਚਾਰ ਟਰਾਲੀਆਂ 'ਚ 1611 ਕਿਊਬਿਕ ਫੁੱਟ ਰੇਤ ਦੀ ਵਿਕਰੀ ਹੋਈ। ਇਸ ਸਬੰਧੀ ਬੁਲਾਰੇ ਨੇ ਦੱਸਿਆ ਕਿ ਇਨ੍ਹਾਂ ਦੋ ਜਨਤਕ ਮਾਈਨਿੰਗ ਸਾਈਟਾਂ 'ਤੇ ਰੇਤ ਦੀ ਸਿਰਫ ਹੱਥੀਂ ਖੁਦਾਈ ਕਰਨ ਦੀ ਇਜਾਜ਼ਤ ਹੈ ਅਤੇ ਰੇਤ ਦੀ ਖੁਦਾਈ ਲਈ ਮਸ਼ੀਨੀ ਵਰਤੋਂ 'ਤੇ ਪਾਬੰਦੀ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਮਾਈਨਿੰਗ ਠੇਕੇਦਾਰ ਨੂੰ ਇਨ੍ਹਾਂ ਜਨਤਕ ਮਾਈਨਿੰਗ ਸਾਈਟਾਂ 'ਤੇ ਕੰਮ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਅੱਗੇ ਕਿਹਾ ਕਿ ਰੇਤ ਦੀ ਵਿਕਰੀ ਸੂਰਜ ਡੁੱਬਣ ਤੱਕ ਹੀ ਹੋਵੇਗੀ ਅਤੇ ਰੇਤ ਦੀ ਨਿਕਾਸੀ ਨੂੰ ਨਿਯਮਤ ਕਰਨ ਲਈ ਇੱਕ ਸਰਕਾਰੀ ਅਧਿਕਾਰੀ ਹਮੇਸ਼ਾ ਮੌਜੂਦ ਰਹੇਗਾ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਇੱਕ ਐਪ ਬਣਾਈ ਹੈ ਜੋ ਲੋਕਾਂ ਨੂੰ ਜਨਤਕ ਮਾਈਨਿੰਗ ਸਾਈਟਾਂ ਬਾਰੇ ਪੂਰੀ ਜਾਣਕਾਰੀ ਦੇਵੇਗੀ ਅਤੇ ਆਨਲਾਈਨ ਭੁਗਤਾਨ ਦੀ ਸਹੂਲਤ ਵੀ ਦੇਵੇਗੀ। ਬੁਲਾਰੇ ਨੇ ਅੱਗੇ ਕਿਹਾ ਕਿ ਇਕ ਐਪ ਲਾਂਚ ਕੀਤੀ ਗਈ ਹੈ ਜੋ ਗੂਗਲ ਮੈਪਸ ਨਾਲ ਜੁੜੀ ਹੋਈ ਹੈ ਅਤੇ ਵਿਅਕਤੀ ਨੂੰ ਨਜ਼ਦੀਕੀ ਜਨਤਕ ਮਾਈਨਿੰਗ ਸਾਈਟ ਬਾਰੇ ਜਾਣਕਾਰੀ ਦੇਵੇਗੀ। ਉਨ੍ਹਾਂ ਕਿਹਾ ਕਿ ਇਸ ਨਾਲ ਲੋਕਾਂ ਨੂੰ ਸਸਤੀ ਰੇਤ ਦੀ ਸਪਲਾਈ ਯਕੀਨੀ ਬਣਾਈ ਜਾਵੇਗੀ ਅਤੇ ਠੇਕੇਦਾਰਾਂ ਅਤੇ ਟਰਾਂਸਪੋਰਟਰਾਂ ਵੱਲੋਂ ਕੀਤੀ ਜਾ ਰਹੀ ਲੁੱਟ ਖੱਸੁਟ ਨੂੰ ਰੋਕਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਖਾਣਾਂ ਦੇ ਸੰਚਾਲਨ ਲਈ ਪੂਰੀ ਤਰ੍ਹਾਂ ਪਾਰਦਰਸ਼ੀ ਪ੍ਰਕਿਰਿਆ ਹੋਵੇਗੀ ਜਿੱਥੇ 24 ਘੰਟੇ ਨਿਗਰਾਨੀ ਰੱਖਣ ਲਈ ਸੀ.ਸੀ.ਟੀ.ਵੀ. ਕੈਮਰੇ ਲਗਾਏ ਗਏ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਇਨ੍ਹਾਂ ਜਨਤਕ ਥਾਵਾਂ 'ਤੇ ਚੈਕਿੰਗ ਲਈ ਪੁਲਿਸ ਗਸ਼ਤ ਨੂੰ ਯਕੀਨੀ ਬਣਾਇਆ ਜਾਵੇਗਾ। ਇਹ ਸਾਈਟਾਂ 1 ਅਪ੍ਰੈਲ ਤੋਂ 30 ਸਤੰਬਰ ਤੱਕ ਸਵੇਰੇ 6 ਵਜੇ ਤੋਂ ਸ਼ਾਮ 7 ਵਜੇ ਤੱਕ ਅਤੇ 1 ਅਕਤੂਬਰ ਤੋਂ 31 ਮਾਰਚ ਤੱਕ ਸਵੇਰੇ 7 ਵਜੇ ਤੋਂ ਸ਼ਾਮ 5 ਵਜੇ ਤੱਕ ਕਾਰਜਸ਼ੀਲ ਰਹਿਣਗੀਆਂ।
Top